ਰੋਹਤਕ – ਸਾਧਵੀ ਜਬਰ ਜਨਾਹ, ਪੱਤਰਕਾਰ ਤੇ ਸਾਬਕਾ ਡੇਰਾ ਪ੍ਰਬੰਧਕ ਹੱਤਿਆਕਾਂਡ ਦੇ ਮਾਮਲੇ ’ਚ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਿਹਾ ਗੁਰਮੀਤ ਸਿੰਘ ਰਾਮ ਰਹੀਮ (Gurmeet Singh Ram Rahim) ਮੰਗਲਵਾਰ ਨੂੰ ਅੱਠਵੀਂ ਵਾਰ ਜੇਲ੍ਹ ਤੋਂ ਬਾਹਰ ਨਿਕਲਿਆ। 21 ਦਿਨ ਦੀ ਫਰਲੋ ਮਨਜ਼ੂਰ ਹੋਣ ਤੋਂ ਬਾਅਦ ਸੁਨਾਰੀਆ ਜੇਲ੍ਹ ਤੋਂ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ’ਚ ਬਰਨਾਵਾ ਆਸ਼ਰਮ ਲਈ ਰਵਾਨਾ ਹੋਇਆ। ਮੂੰਹਬੋਲੀ ਧੀ ਹਨੀਪ੍ਰੀਤ ਇੰਸਾਂ ਤੇ ਉਸਦੇ ਵਕੀਲ ਦੋ ਗੱਡੀਆਂ ’ਚ ਜ਼ਿਲ੍ਹਾ ਜੇਲ੍ਹ ਦੇ ਬਾਹਰ ਪੁੱਜੇ। ਗੁਰਮੀਤ ਸਿੰਘ ਦੀਆਂ ਦੋ ਗੱਡੀਆਂ ਪੁਲਿਸ ਦੀਆਂ ਚਾਰ ਗੱਡੀਆਂ ਦੇ ਕਾਫ਼ਲੇ ਨਾਲ ਨਿਕਲੀਆਂ। ਜੇਲ੍ਹ ’ਚ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਨਹੀਂ ਮਿਲਣ ਦਿੱਤਾ ਗਿਆ। ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਸਿੰਘ ਸਾਧਵੀ ਜਿਨਸੀ ਤਸ਼ੱਦਦ ਮਾਮਲੇ ’ਚ ਅਗਸਤ 2017 ਤੋਂ ਸੁਨਾਰੀਆ ਜੇਲ੍ਹ ’ਚ ਬੰਦ ਹੈ। ਇਸ ਤੋਂ ਬਾਅਦ ਦੋ ਵੱਖ-ਵੱਖ ਹੱਤਿਆਕਾਂਡ ’ਚ ਗੁਰਮੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਇਸੇ ਦੌਰਾਨ ਡੇਰਾ ਮੁਖੀ ਨੇ ਯੂਪੀ ਦੇ ਬਾਗਵਤ ’ਚ ਪੁੱਜਣ ’ਤੇ 40 ਸਕਿੰਟਾਂ ਦੀ ਵੀਡੀਓ ਜਾਰੀ ਕੀਤੀ। ਗੁਰਮੀਤ ਨੇ ਆਪਣੇ ਪੈਰੋਕਾਰਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਯੂਪੀ ਨਾ ਆਉਣ।