ਬਠਿੰਡਾ, 19 ਨਵੰਬਰ 2023 – ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ (ਐੱਫਐੱਸਐੱਸਏਆਈ) ਨੇ ਫੂਡ ਕਾਰੋਬਾਰੀਆਂ ਤੇ ਮਠਿਆਈਆਂ ਵੇਚਣ ਵਾਲਿਆਂ ਨੂੰ ਰਾਹਤ ਦਿੰਦੇ ਹੋਏ ਆਪਣੇ ਦੋ ਫੈਸਲਿਆਂ ’ਚ ਬਦਲਾਅ ਕੀਤਾ ਹੈ। ਇਸਦੇ ਤਹਿਤ ਹੁਣ ਤੱਕ ਹਰ ਸਾਲ ਦੀ ਬਜਾਏ ਪੰਜ ਸਾਲ ਲਈ ਲਾਇਸੈਂਸ ਬਣਵਾਇਆ ਜਾ ਸਕੇਗਾ। ਉਥੇ ਹੀ ਮਠਿਆਈਆਂ ਵੇਚਣ ਵਾਲੇ ਡਿਸਪਲੇਅ ਮਠਿਆਈ ’ਤੇ ‘ਮੈਨੂਫੈਕਚਰਿੰਗ ਡੇਟ’ ਤੇ ‘ਬੈਸਟ ਬਿਫੋਰ’ ਲਿਖਣਾ ਜ਼ਰੂਰੀ ਨਹੀਂ ਹੋਵੇਗਾ। ਇਸ ਸਬੰਧੀ ਐੱਫਐੱਸਐੱਸਏਆਈ ਵੱਲੋਂ ਇਕ ਲਿਖਤੀ ਹੁਕਮ ਵੀ ਜਾਰੀ ਕਰ ਦਿੱਤਾ ਗਿਆ ਹੈ, ਤਾਂਕਿ ਉਹ ਇਨ੍ਹਾਂ ਨਿਯਮਾਂ ਨੂੰ ਲਾਗੂ ਕਰ ਸਕੇ।
ਐੱਫਐੱਸਐੱਸਏਆਈ ਦੇ ਨਵੇਂ ਹੁਕਮ ਅਨੁਸਾਰ ਹੁਣ ਫੂਡ ਕਾਰੋਬਾਰੀ ਪੰਜ ਸਾਲ ਦੇ ਲਈ ਫੂਡ ਲਾਇਸੈਂਸ ਬਣਵਾ ਸਕਣਗੇ। ਪਹਿਲਾਂ ਲਾਇਸੈਂਸ ਤੇ ਰਜਿਸਟ੍ਰੇਸ਼ਨ ਪੰਜ ਸਾਲ ਦੇ ਲਈ ਹੀ ਹੁੰਦੀ ਸੀ, ਪਰ ਇਸ ਸਾਲ ਜਨਵਰੀ ’ਚ ਇੱਕ ਸਾਲ ਤੱਕ ਸੀਮਤ ਕਰ ਦਿੱਤਾ ਗਿਆ ਸੀ। ਹਰ ਸਾਲ ਲਾਇਸੈਂਸ ਦੀ ਰਿਨਿਊਅਲ ਕਰਵਾਉਣੀ ਪੈਂਦੀ ਸੀ। ਹਾਲਾਂਕਿ ਰਜਿਸਟ੍ਰੇਸ਼ਨ ਪਹਿਲਾਂ ਦੀ ਤਰ੍ਹਾਂ ਇੱਕ ਤੋਂ ਪੰਜ ਸਾਲ ਤੱਕ ਦੀ ਕਰਵਾਈ ਜਾ ਸਕਦੀ ਸੀ। ਫੂਡ ਕਾਰੋਬਾਰੀ ਇਸ ਫੈਸਲੇ ’ਤੇ ਸਖਤ ਇਤਰਾਜ਼ ਪ੍ਰਗਟ ਕਰ ਰਹੇ ਸਨ। ਉਨ੍ਹਾਂ ਦਾ ਤਰਕ ਸੀ ਕਿ ਉਨ੍ਹਾਂ ਨੂੰ ਹਰ ਸਾਲ ਲਾਇਸੈਂਸ ਰਿਨਿਊਅਲ ਦੇ ਰੇੜਕੇ ’ਚ ਪਾਉਣ ਨਾਲ ਪਰੇਸ਼ਾਨੀ ਵਧੇਗੀ। ਦੱਸ ਦੇਈਏ ਕਿ ਸਾਲਾਨਾ 12 ਲੱਖ ਤੋਂ ਘੱਟ ਟਰਨਓਵਰ ’ਤੇ ਰਜਿਸਟ੍ਰੇਸ਼ਨ ਤੇ ਉਸ ਤੋਂ ਵੱਧ ਟਰਨਓਵਰ ਵਾਲੇ ਲਾਇਸੈਂਸ ਦੇ ਘੇਰੇ ’ਚ ਆਉਂਦੇ ਹਨ। ਅਥਾਰਿਟੀ ਅਨੁਸਾਰ ਜਨਵਰੀ 2023 ’ਚ ਲਾਇਸੈਂਸ ਪਾਲਿਸੀ ’ਚ ਕੀਤੇ ਗਏ ਬਾਕੀ ਬਦਲਾਅ ਪਹਿਲਾਂ ਦੀ ਤਰ੍ਹਾਂ ਲਾਗੂ ਰਹਿਣਗੇ।