ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਵਾਂ ਸ਼ਹੀਦੀ ਦਿਹਾੜਾ ਨਵੰਬਰ ਮਹੀਨੇ ਵਿੱਚ ਆ ਰਿਹਾ ਹੈ। ਇਸ ਸੰਬੰਧ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਇਸ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਆਯੋਜਤ ਕਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 24 ਨਵੰਬਰ ਤੋਂ 29 ਨਵੰਬਰ ਤੱਕ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦਾ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਇਸੇ ਸਮੇਂ ਹੀ ਸ਼ਹੀਦੀ ਸ਼ਤਾਬਦੀ ਸਮਾਰੋਹ ਕਰਵਾਏ ਜਾਣਗੇ। ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸਰਕਾਰ ਦਾ ਵਿਰੋਧ ਕਰਦੇ ਹੋਏ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਗੁਰਸਿੱਖ ਹੀ ਨਹੀਂ। ਸਰਕਾਰ ਦਾ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਐਲਾਨ ਕਰਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਲੋਂ ਇਸਦਾ ਵਿਰੋਧ ਕਰਨਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਕੀ ਗੁਰੂ ਸਾਹਿਬਾਨ ਦੇ ਜਨਮ ਦਿਹਾੜੇ ਜਾਂ ਸ਼ਹੀਦੀ ਦਿਹਾੜੇ ਹਰ ਕੋਈ ਨਹੀਂ ਮਨਾ ਸਕਦਾ? ਗੁਰੂ ਸਾਹਿਬਾਨ ਨੇ ਤਾਂ ਸਾਰੀ ਲੁਕਾਈ ਲਈ ਕੁਰਬਾਨੀਆਂ ਦਿੱਤੀਆਂ ਹਨ, ਗੁਰੂ ਤੇਗ਼ ਬਹਾਦਰ ਸਾਹਿਬ ਨੇ ਤਾਂ ਸ਼ਹਾਦਤ ਹੀ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀ ਸੀ। ਇਸ ਲਈ ਇਹ ਸ਼ਹੀਦੀ ਸ਼ਤਾਬਦੀ ਸਿੱਖਾਂ ਤੋਂ ਇਲਾਵਾ ਹਿੰਦੂਆਂ ਨੂੰ ਵੀ ਸ਼ਰਧਾਪੂਰਵਕ ਮਨਾਉਣੀ ਚਾਹੀਦੀ ਹੈ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਸਮਾਰੋਹ ਕਰਵਾਏ ਜਾਣ ਦਾ ਵਿਰੋਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉੰ ਕਰ ਰਹੀ ਹੈ ? ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਰਕਾਰ ਦੇ ਵਿਰੁੱਧ ਬੋਲਣਾ ਤੇ ਇਹ ਕਹਿਣਾ ਭਗਵੰਤ ਮਾਨ ਗੁਰਸਿੱਖ ਨਹੀਂ ਹੈ ਜਾਇਜ਼ ਹੈ? ਇਹ ਜੋ ਕੁੱਝ ਵੀ ਵਾਪਰ ਰਿਹਾ ਹੈ ਇਸ ਤੋਂ ਸਿੱਖ ਚਿੰਤਕ ਚਿੰਤਤ ਹਨ।ਚਿੰਤਾ ਇਸ ਗੱਲ ਦੀ ਹੈ ਕਿ ਸਿੱਖ ਧਰਮ ਫੈਲਣ ਦੀ ਬਜਾਇ ਸੁੰਗੜਦਾ ਜਾ ਰਿਹਾ ਹੈ। ਇਸਦਾ ਵੱਡਾ ਕਾਰਨ ਇਹ ਹੈ ਕਿ ਸਿੱਖ ਧਰਮ ਠੇਕੇਦਾਰਾਂ ਦੇ ਕਬਜ਼ੇ ਵਿੱਚ ਆ ਗਿਆ ਹੈ। ਗੁਰੂ ਸਾਹਿਬਾਨ ਵੱਲੋਂ ਮਾਨਵਤਾ ਦੇ ਕਲਿਆਣ ਲਈ ਅਤੇ ਅਧਿਆਤਮਿਕ ਗਿਆਨ ਵਾਸਤੇ ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਦੁਨੀਆਂ ਨੂੰ ਦਿੱਤਾ ਪਰ ਇਸ ਸਰਬਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਠੇਕੇਦਾਰਾਂ ਨੇ ਉਸ ਤਰ੍ਹਾਂ ਪਰਚਾਰਿਆ ਪਸਾਰਿਆ ਨਹੀਂ ਕਿ ਇਸਦਾ ਲਾਭ ਸੰਸਾਰ ਦੇ ਹਰ ਵਿਅਕਤੀ ਤੱਕ ਪਹੁੰਚਦਾ। ਜਿਹੜਾ ਪ੍ਰਚਾਰ ਤੇ ਪ੍ਰਸਾਰ ਠੇਕੇਦਾਰਾਂ ਵੱਲੋਂ ਕੀਤਾ ਵੀ ਜਾ ਰਿਹਾ ਹੈ ਉਹ ਸਿੱਖਾਂ ਨੂੰ ਵੀ ਸਮਝ ਨਹੀਂ ਆਉਂਦਾ। ਓਸ਼ੋ ਰਜਨੀਸ਼ ਨੇ ਜਪੁਜੀ ਸਾਹਿਬ ਦੀ ਵਿਆਖਿਆ ਦੀ ਇੱਕ ਕਿਤਾਬ ੧ਓ ਸਤਿਨਾਮ ਲਿਖੀ ਜਿਸਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਪੜ੍ਹਿਆ ਅਤੇ ਗੁਰੂ ਨੂੰ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਿਆ। ਇਸਦੇ ਉਲਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਕਿਤਾਬਾਂ ਨੂੰ ਲੋਕਾਂ ਵੱਲੋਂ ਓਨਾ ਪਸੰਦ ਨਹੀਂ ਕੀਤਾ ਜਾਂਦਾ। ਇਸਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਨੂੰ ਇਹ ਕਹਿਣਾ ਕਿ ਉਹ ਗੁਰਸਿੱਖ ਨਹੀਂ ਹੈ ਅਤੇ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੇ ਅੰਮ੍ਰਿਤਧਾਰੀ ਹੋਣ ਨੂੰ ਲਾਜ਼ਮੀ ਹੋਣ ਦੇ ਬਿਆਨ ਦੇਣਾ ਕਿੰਨਾ ਕੂ ਸਹੀ ਹੈ? ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਸਤਿਕਾਰ ਕਰਦੇ ਹਾਂ ਪਰ ਕੀ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਜਾਰੀ ਕਰਨਗੇ ਕਿ ਸ਼੍ਰੋਮਣੀ ਕਮੇਟੀ ਦੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਸਾਰੇ ਲੋਕ ਅੰਮ੍ਰਿਤਧਾਰੀ ਹੋਣਗੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਕਾਰ ਦਾ ਸ਼ਹੀਦੀ ਸ਼ਤਾਬਦੀ ਮਨਾਉਣ ਦੇ ਵਿਰੋਧ ਕਰਨ ਦੇ ਮੁੱਦੇ ਦਾ ਮੁਲਾਂਕਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 1999 ਵਿੱਚ ਬਾਦਲ ਸਰਕਾਰ ਨੇ ਖ਼ਾਲਸਾ ਸਾਜਨਾ ਦਿਵਸ ਦਾ ਤਿੰਨ ਸੌ ਸਾਲਾ ਬਣਾਇਆ, 2016 ਵਿੱਚ ਬਿਹਾਰ ਸਰਕਾਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਿੰਨ ਸੌ ਸਾਲਾ ਜਨਮ ਸ਼ਤਾਬਦੀ ਮਨਾਈ,2019 ਵਿੱਚ ਗੁਰੂ ਨਾਨਕ ਸਾਹਿਬ ਦੇ 550 ਸਾਲਾ ਸਮਾਗਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਨਾਏ ਪਰ ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਕੋਈ ਵਿਰੋਧ ਨਹੀਂ ਕੀਤਾ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਵਿਰੋਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕਰ ਰਹੇ ਹਨ ਜਾਂ ਅਕਾਲੀ ਦਲ ਵੱਲੋਂ ਕਰਵਾਇਆ ਜਾ ਰਿਹਾ ਹੈ? ਕੀ ਇਹ ਸਿਆਸਤ ਦਾ ਮਸਲਾ ਹੈ ਜਾਂ ਗੋਲਕ ਦਾ? ਅਗਰ ਸਰਕਾਰ ਦੇ ਸ਼ਹੀਦੀ ਸ਼ਤਾਬਦੀ ਸਮਾਰੋਹ ਸਫ਼ਲ ਹੋ ਜਾਂਦੇ ਹਨ ਤਾਂ ਇਸਦਾ ਸਿਆਸੀ ਲਾਭ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਕੀ ਇਸੇ ਕਾਰਨ ਅਕਾਲੀ ਦਲ ਵੱਲੋਂ ਵਿਰੋਧ ਕਰਵਾਇਆ ਜਾ ਰਿਹਾ ਹੈ? ਜਾਂ ਸਰਕਾਰ ਦੇ ਸਮਾਗਮਾਂ ਵਿੱਚ ਸੰਗਤਾਂ ਦੀ ਵੱਧ ਸ਼ਮੂਲੀਅਤ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੋਲਕ ‘ਤੇ ਅਸਰ ਪਵੇਗਾ? ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਵੱਲੋਂ ਇਹ ਕਹਿਣਾ ਕਿ ਸਰਕਾਰ ਸ਼ਹੀਦੀ ਸ਼ਤਾਬਦੀ ਮੌਕੇ ਧਾਰਮਿਕ ਅਸਥਾਨਾਂ ਦੇ ਵਿਕਾਸ ਵੱਲ ਧਿਆਨ ਦੇਵੇ, ਸ਼੍ਰੀ ਅਨੰਦਪੁਰ ਸਾਹਿਬ ਵੱਲ ਜਾਂਦੀਆਂ ਸੜਕਾਂ ਦੀ ਮੁਰੰਮਤ ਕਰਨੀ ਚਾਹੀਦੀ ਹੈ। ਬਿਲਕੁੱਲ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹੀਦੀ ਸ਼ਤਾਬਦੀ ਮਨਾਉਣ ਦੇ ਨਾਲ ਨਾਲ ਧਾਰਮਿਕ ਅਸਥਾਨਾਂ ਦੇ ਵਿਕਾਸ ਵੱਲ ਵੀ ਧਿਆਨ ਦੀ ਲੋੜ ਹੈ।
-ਅੰਮ੍ਰਿਤਪਾਲ ਸਿੰਘ ਦਰਦੀ (97111 01161)