ਪਟਿਆਲਾ, 02 ਨਵੰਬਰ 2023 – ਬਠਿੰਡਾ ਤੋਂ ਪਟਿਆਲਾ ਮੈਡੀਕਲ ਕਾਲਜ ਵਿਚ ਐੱਮਬੀਬੀਐੱਸ ਦਾ ਪੇਪਰ ਦੇਣ ਲਈ ਆ ਰਹੇ ਨੌਜਵਾਨ ਨੂੰ ਸੰਗਰੂਰ ਰੋਡ ’ਤੇ ਇਕ ਟਰੱਕ ਨੇ ਦਰੜ ਦਿੱਤਾ। ਸ਼ਰਾਬੀ ਹਾਲਤ ਵਿਚ ਚਾਲਕ ਟਰੱਕ ਸਮੇਤ ਮੌਕੇ ਫਰਾਰ ਹੋ ਗਿਆ ਪਰ ਪੁਲਿਸ ਨੇ ਕੁਝ ਘੰਟੇ ਅੰਦਰ ਹੀ ਉਸ ਨੂੰ ਕਾਬੂ ਕਰ ਲਿਆ। ਹਾਦਸੇ ਵਿਚ ਮਰਨ ਵਾਲੇ ਦੀ ਪਛਾਣ ਅਰਸ਼ਦੀਪ ਵਾਸੀ ਬਾਬਾ ਫਰੀਦ ਨਗਰ ਬਠਿੰਡਾ ਵਜੋਂ ਹੋਈ ਹੈ। ਅਰਸ਼ਨਦੀਪ ਦੇ ਪਿਤਾ ਜਗਮੇਲ ਸਿੰਘ ਦੀ ਸ਼ਿਕਾਇਤ ’ਤੇ ਟਰੱਕ ਚਾਲਕ ਜਗਤਾਰ ਸਿੰਘ ਵਾਸੀ ਬਖਸ਼ੀਵਾਲਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਹਾਦਸੇ ਵਿਚ ਅਰਸ਼ਦੀਪ ਸਿੰਘ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਬਿਨਾ ਸਿਰ ਦੇ ਧੜ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ ਹੈ।
ਜਗਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਲੜਕਾ ਤੇ ਇਕ ਲੜਕੀ ਹੈ ਤੇ ਖੁਦ ਸੇਵਾਮੁਕਤ ਅਧਿਆਪਕ ਹਨ। ਲੜਕੀ ਪਟਿਆਲਾ ਵਿਚ ਕੋਚਿੰਗ ਲੈ ਰਹੀ ਹੈ ਜਦੋਂਕਿ ਲੜਕਾ ਅਰਸ਼ਦੀਪ ਸਾਲ 2018 ਵਿਚ ਪਟਿਆਲਾ ’ਚ ਐੱਮਬੀਬੀਐੱਸ ਦੀ ਪੜਾਈ ਕਰ ਰਿਹਾ ਸੀ। ਇਕ ਨਵੰਬਰ ਨੂੰ ਉੁਸ ਦਾ ਪੇਪਰ ਸੀ ਤੇ ਉਹ ਲੜਕੇ ਨਾਲ ਪਟਿਆਲਾ ਆ ਰਹੇ ਸਨ। ਸੰਗਰੂਰ ਰੋਡ ’ਤੇ ਕੁਝ ਸਮਾਂ ਰੁਕੇ ਸਨ, ਇਥੇ ਹੀ ਅਰਸ਼ਦੀਪ ਕਾਰ ਵਿਚ ਬੈਠਣ ਲੱਗਿਆ ਤਾਂ ਟਰੱਕ ਚਾਲਕ ਕਾਰ ਵਿਚ ਟੱਕਰ ਮਾਰੀ ਤੇ ਅਰਸ਼ਦੀਪ ਨੂੰ ਘਸੀਟਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ। ਥਾਣਾ ਪਸਿਆਣਾ ਮੁਖੀ ਕਰਨਵੀਰ ਸੰਧੂ ਤੇ ਉਨ੍ਹਾਂ ਦੀ ਟੀਮ ਵੱਲੋਂ ਟਰੱਕ ਚਾਲਕ ਦੀ ਕੁਝ ਘੰਟਿਆਂ ਬਾਅਦ ਤਲਾਸ਼ ਕਰ ਕੇ ਗ੍ਰਿਫਤਾਰੀ ਪਾਈ ਹੈ।